ਸ੍ਰੀ  ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਹੋਵੇ ਜੀ !

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਹੋਵੇ ਜੀ !

ਅੱਜ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ ‘ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਨ੍ਹਾਂ ਦੀ ਅਨਮੋਲ ਸਾਖੀ। 

ਗਰੀਬ ਘਾਹੀ ਸਿੱਖ ਦਾ ਸਿਦਕ 

ਸੱਚਾ ਸਤਿਗੁਰੂ ਜਿੱਥੇ ਵੀ ਜਾ ਕੇ ਬੈਠਦਾ ਹੈ, ਉਹ ਥਾਂ ਸ਼ੋਭਨੀਕ ਅਤੇ ਪੂਜਨਯੋਗ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਜਿੱਥੇ ਵੀ ਜਾਂਦੇ ਹਨ, ਉੱਥੇ ਹੀ ਮਨੁੱਖ-ਮਾਤਰ ਦਾ ਭਲਾ ਕਰਦੇ ਹੋਏ, ਉਨ੍ਹਾਂ ਦੇ ਕਲਿਆਣ ਅਤੇ ਭਲੇ ਦਾ ਉਪਦੇਸ਼ ਹੀ ਦਿੰਦੇ ਹਨ।

ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਵੀ ਉੱਥੇ ਕੈਦ ੫੨ ਰਾਜਿਆਂ ਨੂੰ ਸੱਚ-ਧਰਮ ਦਾ ਉਪਦੇਸ਼ ਦੇ ਕੇ ਉਨ੍ਹਾਂ ਦੇ ਉਧਾਰ ਹਿੱਤ ਹੀ ਗਏ ਸਨ। ਗੁਰੂ ਸਾਹਿਬ ਜੀ ਨੇ ਜਿੱਥੇ ਉਨ੍ਹਾਂ ਨੂੰ ਜੇਲ੍ਹ ਦੀ ਕੈਦ ਵਿਚੋਂ ਮੁਕਤ ਕਰਵਾਉਣਾ ਸੀ, ਉੱਥੇ ਉਨ੍ਹਾਂ ਨੂੰ ਰੂਹਾਨੀ ਉਪਦੇਸ਼ ਦੇ ਕੇ ਉਨ੍ਹਾਂ ਦਾ ਲੋਕ-ਪ੍ਰਲੋਕ ਵੀ ਸਵਾਰਨਾ ਸੀ। ਦੂਸਰਾ ਸਤਿਗੁਰੂ ਜੀ ਇਹ ਵੀ ਜਾਣਦੇ ਸਨ ਕਿ ਜੇਕਰ ਇਨ੍ਹਾਂ ਰਾਜਿਆਂ ਦੇ ਪੱਲੇ ਧਰਮ ਅਤੇ ਨਿਆਂ ਹੋਵੇਗਾ ਤਾਂ ਰਿਹਾਅ ਹੋਣ ਤੋਂ ਬਾਅਦ ਇਹ ਆਪਣੀ ਪਰਜਾ ਨਾਲ ਵੀ ਨਿਆਂ ਕਰਨਗੇ ਅਤੇ ਉਨ੍ਹਾਂ ਨੂੰ ਧਰਮ ਦੇ ਰਸਤੇ ਉੱਪਰ ਤੋਰਨਗੇ। ਸੋ ਇਸ ਤਰ੍ਹਾਂ ਇਸ ਦੂਰ-ਅੰਦੇਸ਼ੀ ਅਤੇ ਪਰਉਪਕਾਰੀ ਸੋਚ ਨਾਲ ਹੀ ਗੁਰੂ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਕੱਟੀ ਅਤੇ ਰਾਜਿਆਂ ਨੂੰ ਕਰਤੇ ਦੀ ਸਿਫਤ-ਸਲਾਹ ਨਾਲ ਜੋੜਿਆ ਤੇ ਅਧਿਆਤਮਿਕ ਉਪਦੇਸ਼ ਬਖਸ਼ਿਆ। ੫੨ ਰਾਜਿਆਂ ਨੂੰ ਰਿਹਾਅ ਕਰਵਾਉਣ ਸਦਕਾ ਆਪ ਜੀ ਨੂੰ ‘ਬੰਦੀ ਛੋੜ ਸਤਿਗੁਰੂ’ ਆਖਿਆ ਜਾਣ ਲੱਗਾ।

ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਣ ਤੋਂ ਬਾਅਦ ਸਤਿਗੁਰੂ ਜੀ ਦਿੱਲੀ ਆਏ ਤਾਂ ਜਹਾਂਗੀਰ ਨੇ ਬੜੇ ਸਤਿਕਾਰ ਨਾਲ ਉਨ੍ਹਾਂ ਦਾ ਸਵਾਗਤ ਕਰਦਿਆਂ ਹੋਇਆਂ ਸਿੱਜਦਾ ਕੀਤਾ। ਦਿੱਲੀ ਦੀਆਂ ਬੇਅੰਤ ਸੰਗਤਾਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ ਅਤੇ ਅਨੇਕਾਂ ਕੀਮਤੀ ਤੋਹਫੇ ਵੀ ਗੁਰੂ ਜੀ ਨੂੰ ਭੇਟ ਕੀਤੇ। ਬਾਦਸ਼ਾਹ ਜਹਾਂਗੀਰ ਨੇ ਵੀ ਗੁਰੂ ਸਾਹਿਬ ਦੀ ਬੜੀ ਆਉ-ਭੁਗਤ ਤੇ ਸੇਵਾ ਕੀਤੀ,  ਅਤੇ ਇੱਕ ਦਿਨ ਉਹ ਗੁਰੂ ਜੀ ਦੇ ਨਾਲ ਸ਼ਿਕਾਰ ਖੇਡਣ ਲਈ ਗਿਆ। ਉਸ ਨੇ ਜੰਗਲ ਵਿਚ ਦੋ ਆਲੀਸ਼ਾਨ ਤੰਬੂ – ਇੱਕ ਆਪਣੇ ਲਈ ਤੇ ਦੂਜਾ ਗੁਰੂ ਸਾਹਿਬ ਜੀ ਲਈ – ਲਗਵਾ ਦਿੱਤੇ।

 

ਇੱਥੇ ਹੀ ਗੁਰੂ ਜੀ ਦੇ ਦਰਸ਼ਨਾਂ ਲਈ ਇੱਕ ਗ਼ਰੀਬ ਸਿੱਖ ਆਇਆ, ਜੋ ਘਾਹ ਖੋਦ ਕੇ ਤੇ ਉਸ ਨੂੰ ਬਜ਼ਾਰ ਵਿਚ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਨੇ ਦੋ ਪੰਡਾਂ ਘਾਹ ਦੀਆਂ ਕੱਟੀਆਂ, ਇੱਕ ਪੰਡ ਵੇਚ ਕੇ ਇੱਕ ਟਕਾ (ਦੋ ਪੈਸੇ) ਕਮਾ ਲਏ ਅਤੇ ਦੂਸਰੀ ਪੰਡ ਗੁਰੂ ਜੀ ਦੇ ਘੋੜਿਆਂ ਲਈ ਸਿਰ ‘ਤੇ ਚੁੱਕ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਚੱਲ ਪਿਆ। ਉਸ ਨੇ ਗੁਰੂ ਜੀ ਦੇ ਦਰਸ਼ਨ ਪਹਿਲੀ ਵਾਰ ਕਰਨੇ ਸਨ।

ਉਹ ਆ ਕੇ ਸਿਪਾਹੀਆਂ ਨੂੰ ਕਹਿਣ ਲੱਗਾ, “ਮੈਂ ‘ਸੱਚੇ-ਪਾਤਸ਼ਾਹ’ ਦੇ ਦਰਸ਼ਨ ਕਰਨੇ ਹਨ।”

ਸਿਪਾਹੀਆਂ ਨੇ ਇਹ ਸਮਝ ਕੇ ਕਿ ਇਹ ਜਹਾਂਗੀਰ ਨੂੰ ‘ਸੱਚਾ-ਪਾਤਸ਼ਾਹ’ ਕਹਿ ਰਿਹਾ ਹੈ, ਉਸ ਨੂੰ ਬਾਦਸ਼ਾਹ ਜਹਾਂਗੀਰ ਦੇ ਤੰਬੂ ਵਿਚ ਭੇਜ ਦਿੱਤਾ।  ਜਹਾਂਗੀਰ ਤੰਬੂ ਵਿਚ ਸਾਹਮਣੇ ਆਪਣੇ ਸਿੰਘਾਸਣ ‘ਤੇ ਬੈਠਾ ਹੋਇਆ ਸੀ। ਉਹ ਗ਼ਰੀਬ ਸਿੱਖ ਨੇ ਪਹਿਲਾਂ ਕਦੇ ਗੁਰੂ ਜੀ ਨੂੰ ਡਿੱਠਾ ਨਹੀਂ ਸੀ, ਇਸ ਲਈ ਉਹ ਜਹਾਂਗੀਰ ਨੂੰ ਹੀ ਗੁਰੂ ਸਮਝ ਕੇ, ਉਸ ਦੇ ਅੱਗੇ ਦੋ ਪੈਸੇ ਮੱਥਾ ਟੇਕ ਕੇ ਬੇਨਤੀ ਕਰਨ ਲੱਗਾ, “ਹੇ ਦੀਨ-ਦੁਨੀਆਂ ਦੇ ਪਾਤਸ਼ਾਹ! ਮੇਰੀ ਤੁੱਛ ਜਿਹੀ ਭੇਟਾ ਪ੍ਰਵਾਨ ਕਰੋ ਅਤੇ ਮੇਰੇ ‘ਤੇ ਕ੍ਰਿਪਾ ਕਰੋ। ਪਰਮਾਤਮਾ ਦੇ ਦਰਬਾਰ ਵਿਚ ਮੇਰੀ ਬਾਂਹ ਫੜਨੀ ਅਤੇ ਮੈਨੂੰ ਅਵਗੁਣਾਂ-ਵਿਕਾਰਾਂ ਤੋਂ ਬਚਾ ਕੇ ਪ੍ਰਭੂ-ਨਾਮ ਦੀ ਦਾਤ ਬਖ਼ਸ਼ਿਸ਼ ਕਰੋ।”
ਜਹਾਂਗੀਰ ਇਹ ਸੁਣ ਕੇ ਸਮਝ ਗਿਆ ਕਿ ਇਹ ਕੋਈ ਗੁਰੂ ਜੀ ਦਾ ਸ਼ਰਧਾਲੂ ਸਿੱਖ ਹੈ, ਪਰ ਭੁਲੇਖੇ ਨਾਲ ਮੇਰੇ ਤੰਬੂ ਵਿਚ ਆ ਗਿਆ ਹੈ। ਉਸ ਨੇ ਕਿਹਾ,
“ਮੈ ਤਾਂ ਹਿੰਦੁਸਤਾਨ ਦਾ  ਬਾਦਸ਼ਾਹ ਜਹਾਂਗੀਰ ਹਾਂ। ਜੇਕਰ ਤੈਨੂੰ ਦੁਨੀਆਂ ਦੀ ਕੋਈ ਵਸਤੂ ਚਾਹੀਦੀ ਹੈ ਤਾਂ ਦੱਸ, ਮੈਂ ਉਹ ਦੇ ਸਕਦਾ ਹਾਂ। ਤੂੰ ਜੋ ਵੀ ਮੰਗੇਂਗਾ, ਮੈਂ ਉਹੋ ਹੀ ਦੇਵਾਂਗਾ, ਜਿੰਨਾ ਵੀ ਧੰਨ-ਦੌਲਤ ਜਾਂ ਜਾਗੀਰ-ਜਾਇਦਾਦ ਚਾਹੀਦੀ ਹੈ ਦੱਸ, ਮੈਂ ਤੈਨੂੰ ਓਨੀ ਹੀ ਦੇਵਾਂਗਾ। ਪਰ ਜੇ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਲੈਣੀ ਹੈ ਤਾਂ ਫਿਰ ਤੂੰ ਅਗਲੇ ਤੰਬੂ ਵਿਚ ਚਲਿਆ ਜਾ, ਕਿਉਂਕਿ ਜਿਸ ਸੱਚੇ ਪਾਤਸ਼ਾਹ ਦੀ ਤੂੰ ਗੱਲ ਕਰ ਰਿਹਾ ਹੈਂ, ਉਹ ਅਗਲੇ ਤੰਬੂ ਵਿੱਚ ਹਨ।”

ਜਹਾਂਗੀਰ ਨੇ ਉਸ ਸਿੱਖ ਨੂੰ ਬਹੁਤ ਲਾਲਚ ਦਿੱਤੇ ਕਿ ਦੁਨਿਆਵੀ ਪਦਾਰਥ ਜੋ ਵੀ ਚਾਹੀਦੇ ਹਨ, ਮੰਗ ਲੈ, ਮੈਂ ਉਹੀਂ ਤੈਨੂੰ ਦੇ ਦੇਵਾਂਗਾ। ਜਹਾਂਗੀਰ ਇਸ ਤਰ੍ਹਾਂ ਕਰਕੇ ਇੱਕ ਤਾਂ ਗਰੂ ਕੇ ਸਿੱਖਾਂ ਦਾ ਸਿਦਕ ਅਤੇ ਉਨ੍ਹਾਂ ਦੇ ਗੁਰੂ ਨਾਲ ਪ੍ਰੇਮ ਨੂੰ ਪਰਖਣਾ ਚਾਹੁੰਦਾ ਸੀ ਅਤੇ ਦੂਸਰਾ ਉਹ ਇਸ ਗੱਲ ਵਿਚ ਆਪਣੀ ਹੇਠੀ ਵੀ ਸਮਝ ਰਿਹਾ ਸੀ ਕਿ ਮੈਂ ਹਿੰਦੋਸਤਾਨ ਦਾ ਬਾਦਸ਼ਾਹ ਹਾਂ ਤੇ ਕੋਈ ਮੇਰੇ ਦਰਬਾਰ ਵਿਚੋਂ ਖਾਲੀ ਮੁੜ ਜਾਏ ਅਤੇ ਕਿਸੇ ਹੋਰ ਨੂੰ ‘ਸੱਚਾ ਪਾਤਸ਼ਾਹ’ ਜਾਣ ਕੇ ਉਸ ਦੇ ਦਰਬਾਰ  ਵਿਚ ਕਿਉਂ ਜਾਏ?
ਪਰ ਧੰਨ ਸੀ ਉਹ ਗੁਰੂ ਜੀ ਦਾ ਸਿਦਕੀ ਸਿੱਖ, ਉਸ ਨੇ ਬਾਦਸ਼ਾਹ ਜਹਾਂਗੀਰ ਦੇ ਮੂੰਹੌਂ ਇਹ ਗੱਲ ਸੁਣਦਿਆਂ ਸਾਰ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਨਹੀਂ ਹਨ, ਉਸ ਦੇ ਅੱਗੋਂ ਆਪਣਾ ਟਕਾ ਚੁੱਕ ਲਿਆ ਅਤੇ ਬਿਨਾਂ ਕੁਝ ਬੋਲੇ ਉਥੋਂ ਬਾਹਰ ਆ ਗਿਆ। ਉਹ ਸਿੱਖ ਜੇਕਰ ਚਾਹੁੰਦਾ ਤਾਂ ਅੱਜ ਆਪਣੀ ਸਾਰੀ ਗਰੀਬੀ ਕੱਟ ਕੇ ਬਹੁਤ ਧਨਾਢ ਬਣ ਸਕਦਾ ਸੀ। ਪਰ ਇਸ ਕੱਚੇ ਅਤੇ ਨਾਸ਼ਵਾਨ ਸੰਸਾਰੀ ਧੰਨ ਨੂੰ ਸੰਚਣ ਦੀ ਬਜਾਏ, ਉਸ ਨੇ ਸੱਚੇ ਅਤੇ ਲੋਕ-ਪ੍ਰਲੋਕ ਦੇ ਸਹਾਇਕ ਨਾਮ-ਰੂਪੀ ਧੰਨ ਸੰਚਣ ਨੂੰ ਪਹਿਲ ਦਿੱਤੀ। ਉਸ ਗਰੀਬ ਘਾਹੀ ਸਿੱਖ ਨੇ ਬਾਦਸ਼ਾਹ  ਜਹਾਂਗੀਰ ਦੀ ਕੋਈ ਵੀ ਪੇਸਕਸ਼ ਪ੍ਰਵਾਨ ਨਾ ਕੀਤੀ ਤੇ ਆਪਣਾ ਟਕਾ ਚੁੱਕ ਕੇ ਉਸ ਦੇ ਤੰਬੂ ਵਿਚੋਂ ਬਾਹਰ ਆ ਗਿਆ। ਇਹ ਦੇਖ ਕੇ ਜਹਾਂਗੀਰ ਬੜਾ ਹੈਰਾਨ ਹੋਇਆ ਕਿ ਗੁਰੂ ਜੀ ਦੇ ਸਿੱਖਾਂ ਦਾ ਆਪਣੇ ਗੁਰੂ ਨਾਲ ਕਿੰਨਾ ਪਿਆਰ ਹੈ ਕਿ ਉਹ ਗੁਰੂ ਦੀ ਖਾਤਰ ਕਿਸੇ ਵੀ ਦੁਨਿਆਵੀ ਸੁੱਖ ਨੂੰ ਠੁਕਰਾਉਣ ਲਈ ਤਿਆਰ ਹਨ। 

 

ਜਹਾਂਗੀਰ ਦੇ ਤੰਬੂ ਵਿਚੋਂ ਨਿਕਲ ਕੇ ਉਹ ਗਰੀਬ ਘਾਹੀ ਸਿੱਖ ਗੁਰੂ ਜੀ ਦੇ ਤੰਬੂ ਵਿਚ ਆ ਗਿਆ ਅਤੇ ਬੜੇ ਹੀ ਪ੍ਰੇਮ ਨਾਲ ਟਕਾ ਗੁਰੂ ਜੀ ਦੇ ਅੱਗੇ ਰੱਖ ਕੇ ਮੱਥਾ ਟੇਕ ਕੇ ਬੈਰਾਗ ਸਹਿਤ ਬੇਨਤੀ ਕਰਨ ਲੱਗਾ,
“ਹੇ ਸੱਚੇ ਪਾਤਸ਼ਾਹ! ਮਾਫ ਕਰਨਾ, ਮੈਂ ਭੁੱਲ ਕੇ ਝੂਠੇ ਪਾਤਸ਼ਾਹ ਦੇ ਤੰਬੂ ਵਿਚ ਚਲਾ ਗਿਆ ਸੀ, ਪਰ ਆਪ ਜੀ ਨੇ ਕ੍ਰਿਪਾ ਕਰਕੇ ਮੈਨੂੰ ਆਪਣੇ ਕੋਲ ਵਾਪਸ ਲੈ ਆਂਦਾ ਹੈ।”
ਉਸ ਨੇ ਜਹਾਂਗੀਰ ਕੋਲ ਜਾਣ ਵਾਲੀ ਸਾਰੀ ਵਿਥਿਆ ਗੁਰੂ ਜੀ ਨੂੰ ਸੁਣਾਈ। ਗੁਰੂ ਜੀ ਉਸ ਦੀ ਸ਼ਰਧਾ, ਪ੍ਰੇਮ ਅਤੇ ਸਿਦਕ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਆਖਣ ਲੱਗੇ,
“ਭਾਈ ਗੁਰਸਿੱਖਾ! ਦੱਸ, ਤੂੰ ਸਾਡੇ ਕੋਲੋਂ ਕੀ ਚਾਹੁੰਦਾ ਹੈਂ, ਅਸੀਂ ਤੇਰੇ ‘ਤੇ ਬੜੇ ਪ੍ਰਸੰਨ ਹਾਂ।”
ਉਸ ਨੇ ਗੁਰੂ ਜੀ ਕੋਲੋਂ ਸੰਸਾਰਿਕ ਬੰਧਨਾਂ ਤੋਂ ਮੁਕਤੀ ਅਤੇ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਜਾਚਨਾ ਕੀਤੀ। ਗੁਰੂ ਸਾਹਿਬ ਜੀ ਉਸ ਦੀ ਸ਼ਰਧਾ ਅਤੇ ਪ੍ਰੇਮ ਦੇਖ ਕੇ ਬੜੇ ਖ਼ੁਸ਼ ਹੋਏ ਅਤੇ ਉਸ ਨੂੰ ਨਦਰੋ-ਨਦਰੀ ਨਿਹਾਲ ਕਰ ਦਿੱਤਾ। 

ਗੁਰੂ-ਪਿਆਰੀ ਸਾਧ-ਸੰਗਤ ਜੀ! ਇਹ ਹੈ ਇੱਕ ਸਿੱਖ ਦਾ ਆਪਣੇ ਗੁਰੂ ਪ੍ਰਤੀ ਪ੍ਰੇਮ, ਸ਼ਰਧਾ ਅਤੇ ਵਿਸ਼ਵਾਸ, ਜੋ ਕਿ ਕਿਸੇ ਵੀ ਕੀਮਤ ‘ਤੇ ਡੋਲਦਾ ਨਹੀਂ ਹੈ। ਜਿਹੜਾ ਸਿੱਖ ਦਾ ਸਿਦਕ ਕਿਸੇ ਲਾਲਚ ਜਾਂ ਦੁੱਖ-ਤਕਲੀਫ ਵਿਚ ਝੱਟ ਡੋਲ ਜਾਵੇ, ਉਸ ਵਿਖਾਵੇ ਦੇ ਅਤੇ ਮਤਲਬੀ ਇਨਸਾਨ ਨੂੰ ਕਦੇ ਵੀ ਸਿੱਖ ਨਹੀਂ ਕਿਹਾ ਜਾ ਸਕਦਾ। ਸਿੱਖ ਤਾਂ ਉਹ ਹੁੰਦਾ ਹੈ, ਜਿਸ ਦਾ ਸਿਦਕ ਆਰਿਆਂ ਨਾਲ ਚਿਰ ਕੇ, ਚਰਖੜੀਆਂ ‘ਤੇ ਚੜ੍ਹ ਕੇ ਅਤੇ ਬੰਦ-ਬੰਦ ਕਟਵਾ ਕੇ ਕਾਇਮ ਰਹਿੰਦਾ ਹੈ ਅਤੇ ਕਦੇ ਵੀ ਡੋਲਦਾ ਨਹੀਂ। ਬੜਾ ਔਖਾ ਹੁੰਦਾ ਹੈ ਕਿ ਅਤਿ ਦੀ ਗਰੀਬੀ ਵਿਚ ਜਦੋਂ ਸਮੇਂ ਦਾ ਬਾਦਸ਼ਾਹ ਇਹ ਕਹਿ ਰਿਹਾ ਹੋਵੇ ਕਿ ਮੰਗ ਲੈ ਜੋ ਮੰਗਣਾ ਹੈ, ਜੋ ਮੰਗੇਗਾ, ਉਹੋ ਮਿਲ ਜਾਏਗਾ, ਪਰ ਬਾਦਸ਼ਾਹ ਦੇ ਅੱਗੋਂ ਆਪਣਾ ਟਕਾ ਚੁੱਕ ਕੇ ਬਿਨਾਂ ਕੁਝ ਮੰਗਿਆਂ, ਆਪਣੇ ਗੁਰੂ ਵੱਲ ਨੂੰ ਤੁਰ ਪੈਣਾ। ਸੋ ਸਾਨੂੰ ਇਸ ਗਰੀਬ ਘਾਹੀ ਸਿੱਖ ਦੀ ਇਸ ਸਾਖੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਦਾ ਪਿਆਰ ਕਿਸੇ ਵੀ ਸੰਸਾਰੀ ਧੰਨ-ਪਦਾਰਥ ਨਾਲੋਂ ਕੀਮਤੀ ਅਤੇ ਉੱਚਾ ਹੁੰਦਾ ਹੈ। ਅੱਜ ਕਈ ਸਿੱਖ ਐਸੇ ਵੀ ਹਨ ਕਿ ਜੋ ਆਪਣੇ-ਆਪ ਨੂੰ ਸਿੱਖ ਵੀ ਅਖਵਾਉਂਦੇ ਹਨ ਤੇ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਉਨ੍ਹਾਂ ਕੋਲ ਹੈ ਵੀ ਬਹੁਤ ਕੁਝ, ਪਰ ਫਿਰ ਵੀ ਗੁਰੂ-ਹੁਕਮ ਅਨੁਸਾਰ ਆਪਣੀ ਕਮਾਈ ਵਿਚੋਂ ਗੁਰੂ-ਨਮਿਤ ਦਸਵੰਧ ਕੱਢਣਾ ਵੀ ਉਨ੍ਹਾਂ ਨੂੰ ਬਹੁਤ ਔਖਾ ਲੱਗਦਾ ਹੈ ਤੇ ਉਹ ਹਮੇਸ਼ਾਂ ਇਸ ਤੋਂ ਕੰਨੀ ਕਤਰਾਉਂਦੇ ਹਨ। ਸੋ ਸਾਨੂੰ ਇਸ ਸਾਖੀ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਕਦੇ ਵੀ ਮਾਇਆ ਦੇ ਲਾਲਚ ਵਿਚ ਆ ਕੇ ਸਿੱਖੀ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਤੋਂ ਨਹੀਂ ਡੋਲਣਾ  ਚਾਹੀਦਾ।


Also See

  • Read this in English too
    (Click below)

barublog

Add comment